ਵੋਟ ਵਤੀਰਾ (voting behaviour) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵੋਟ ਵਤੀਰਾ (voting behaviour): ਵੋਟ ਵਤੀਰੇ ਦਾ ਮੁੱਖ ਪ੍ਰਸ਼ਨ ਇਹ ਹੈ, ਕਿ ਕੌਣ ਕਿਸ ਨੂੰ ਵੋਟ ਪਾਉਂਦਾ ਹੈ। ਲਾਜ਼ਰਸਫੈਲਡ, ਜਿਸ ਨੇ ਇਹ ਕੰਮ ਅਰੰਭ ਕੀਤਾ ਇਸ ਨਤੀਜੇ ਉੱਤੇ ਪੁੱਜਾ, ਕਿ ਲੋਕ ਸਮਾਜਿਕ ਪ੍ਰਨਾਲੀ ਵਿੱਚ ਉਹਨਾਂ ਦੀ ਥਾਂ, ਉਹਨਾਂ ਦਾ ਸਮਾਜਿਕ ਵਰਗ, ਪਰਿਵਾਰ ਦੀ ਵੋਟਿੰਗ ਰਵਾਇਤ, ਐਥਨਿਕਤਾ, ਲਿੰਗ, ਨਸਲ, ਧਰਮ, ਟਰੇਡ ਯੂਨੀਅਨਾ, ਰਾਜਨੀਤਿਕ ਪਾਰਟੀਆਂ, ਸਥਾਨਕ ਜਥੇਬੰਦੀਆਂ ਦੀ ਮੈਂਬਰੀ - ਅਨੁਸਾਰ ਵੋਟਾਂ ਪਾਉਂਦੇ ਹਨ। ਪਿਛੋਂ ਜਾ ਕੇ ਉਸ ਨੇ ਕਿਸੇ ਰਾਜਨੀਤਿਕ ਪਾਰਟੀ ਨਾਲ ਪਛਾਣ, ਸਮਾਜਿਕ ਮਸਲਿਆਂ ਬਾਰੇ ਉਹਨਾਂ ਦੀ ਸੋਚ, ਕਿਸੇ ਉਮੀਦਵਾਰ ਬਾਰੇ ਉਹਨਾਂ ਦੀ ਰਾਏ ਆਦ ਨਿੱਜੀ ਅੰਸ਼ਾਂ ਉੱਪਰ ਜ਼ੋਰ ਦਿੱਤਾ। ਯੁਕਤੀਯੁਕਤ ਚੋਣ ਦੇ ਸਿਧਾਂਤ ਅਨੁਸਾਰ ਵਰਗ ਸਥਿੱਤੀ ਅਤੇ ਸਮੂਹ ਦੀ ਮੈਂਬਰੀ ਨਾਲੋਂ ਵਿਅਕਤੀ ਆਪਣੇ ਹਿਤਾਂ ਦੀ ਪੂਰਤੀ ਲਈ ਗਿਣਤੀਆਂ ਮਿਣਤੀਆਂ ਦੇ ਆਧਾਰ ਉੱਤੇ ਵੋਟ ਪਾਉਂਦਾ ਹੈ। ਕਾਮਾ ਵਰਗ ਆਮ ਤੌਰ ਉੱਤੇ ਇੰਗਲੈਂਡ ਵਿੱਚ ਲਿਬਰਲ ਪਾਰਟੀ ਅਤੇ ਅਮਰੀਕਾ ਵਿੱਚ ਡੈਮੋਕਰੇਟਿਕ ਪਾਰਟੀ ਨੂੰ ਵੋਟ ਪਾਉਂਦਾ ਹੈ, ਜਦਕਿ ਮੱਧ ਅਤੇ ਉੱਚ ਵਰਗ ਦੇ ਲੋਕ ਇੰਗਲੈਂਡ ਵਿੱਚ ਕੰਜ਼ਰਵੇਟਿਵ ਅਤੇ ਅਮਰੀਕਾ ਵਿੱਚ ਰੀਪਬਲਿਕਨ ਪਾਰਟੀ ਨੂੰ ਵੋਟ ਪਾਉਣ ਦਾ ਝੁਕਾਅ ਰੱਖਦੇ ਹਨ।

      ਭਾਰਤ ਵਿੱਚ ਪਹਿਲੇ ਤਿੰਨ ਚਾਰ ਦਹਾਕੇ ਲੋਕ ਕਾਂਗਰਸ ਨੂੰ ਵੋਟ ਪਾਉਂਦੇ ਰਹੇ ਹਨ, 2 ਕਿਉਂਕਿ ਮੁਲਕ ਦੀ ਆਜ਼ਾਦੀ ਵਿੱਚ ਲੰਮੇ ਸੰਘਰਸ਼ ਦੌਰਾਨ ਇਹ ਹੀ ਪਾਰਟੀ ਉਭਰ ਕੇ ਸਾਹਮਣੇ ਆਈ ਸੀ। ਮੁਸਲਮ ਲੀਗ ਪਾਕਿਸਤਾਨ ਬਨਣ ਨਾਲ ਭਾਰਤ ਵਿੱਚ ਲੱਗ-ਭੱਗ ਖਤਮ ਹੀ ਹੋ ਗਈ ਸੀ। ਇਸ ਪਾਰਟੀ ਨੇ ਪਹਿਲਾਂ ਰਾਸ਼ਟਰਵਾਦ ਅਤੇ ਫੇਰ ਸਮਾਜਵਾਦੀ ਢੱਬ ਅਤੇ ਧਰਮਨਿਰਪਖਤਾ ਦੇ ਉਦੇਸ਼ਾਂ ਨਾਲ ਲੋਕਾਂ ਉੱਤੇ ਕਾਠੀ ਪਾਈ ਰੱਖੀ। ਸੱਤਰਵਿਆਂ ਤੱਕ ਪਹੁੰਚਦਿਆਂ ਕਾਂਗਰਸ ਫਾਰਮੂਲੇ ਵਿੱਚ ਹਿੰਦੂਤਵ ਦਾ ਅੰਸ਼ ਵਧ ਗਿਆ, ਅਤੇ ਹਿੰਦੂਤਵ ਭਾਰਤੀ ਰਾਜਨੀਤੀ ਦਾ ਮੂਲਬਿੰਦੂ ਬਣ ਗਿਆ। ਏਸੇ ਪ੍ਰਕਿਰਿਆ ਵਿੱਚ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਜਾਤਾਂ, ਰਾਜਨੀਤਿਕ ਖੇਤਰ ਵਿੱਚ ਨਿੱਤਰ ਪਈਆਂ। ਸਮੁੱਚੇ ਤੌਰ ਉੱਤੇ ਭਾਰਤੀ ਰਾਜਨੀਤੀ ਵਿੱਚ ਧਰਮ, ਜਾਤ, ਸੰਪਰਦਾਵਾਂ, ਧੜੇਬੰਦੀ, ਨਿੱਜੀ ਦੋਸਤੀਆਂ, ਕੁਰੱਪਸ਼ਨ, ਪਾਰਟੀਆਂ ਅਤੇ ਉਮੀਦਵਾਰਾਂ ਦੀ ਕਿਸਮ ਰਾਜਨੀਤਕ (ਵੋਟਿੰਗ) ਵਤੀਰੇ ਉੱਤੇ ਅਸਰਦਾਇਕ ਹੁੰਦੇ ਹਨ। ਪਰ ਰਾਜਾਂ ਅਤੇ ਕੇਂਦਰੀ ਪੱਧਰ ਉੱਤੇ ਹਰ ਸਰਕਾਰ ਦੀ ਅਸਫ਼ਲਤਾ(anti incumbency factor) ਲੱਗ-ਭੱਗ ਹਰ ਥਾਂ ਵੋਟ ਵਤੀਰੇ ਨੂੰ ਉਚ ਮਾਤਰਾ ਵਿੱਚ ਪਰਿਭਾਵਤ ਕਰਦੀ ਹੈ। ਕਿਉਂਕਿ ਹਰ ਪਾਰਟੀ ਵੱਡੇ-ਵੱਡੇ ਵਾਅਦੇ ਲੈ ਕੇ ਚੋਣ ਵਿੱਚ ਨਿੱਤਰਦੀ ਹੈ, ਰੱਜ ਕੇ ਰਿਸ਼ਵਤ ਖੋਰੀ ਕਰਦੀ ਹੈ, ਵਾਅਦੇ ਪੂਰੇ ਨਹੀਂ ਕਰ ਸਕਦੀ, ਅਤੇ ਲੋਕ ਅੱਕ ਕੇ ਦੂਜੀ ਪਾਰਟੀ ਵੱਲ ਝੁਕਦੇ ਹਨ, ਅਤੇ ਇਹ ਵੀ ਉਹੀ ਕੁਝ ਕਰਦੀ ਹੈ, ਜੋ ਦੂਜੀ ਨੇ ਕੀਤਾ ਸੀ। ਹਰ ਪੰਜ ਸਾਲ ਬਾਅਦ ਲੇਬਲ ਬਦਲ ਜਾਂਦੇ ਹਨ, ਸ਼ਰਾਬ ਉਹੀ ਵਿਕਦੀ ਰਹਿੰਦੀ ਹੈ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.